ਕ੍ਰਾਂਤੀਕਾਰੀ ਰਹਿਬਰ ਤੇ ਆਜੋਕੇ ਸਿੱਖ ਆਗੂ-ਪ੍ਰਿੰ: ਗੁਰਬਚਨ ਸਿੰਘ ਪੰਨਵਾਂ

ਸਿੱਖੀ ਦਾ ਬੂਟਾ ਦਸ ਜਾਮਿਆਂ ਵਿੱਚ ਪ੍ਰਫੁੱਲਤ ਹੋਇਆ ਹੈ। ਚੱਲ ਰਹੀਆਂ ਰਹੀਆਂ ਪ੍ਰਚੱਲਤ ਤੇ ਥੋਥਾ ਹੋ ਚੁੱਕੀਆਂ ਧਾਰਨਾਵਾਂ ਨੂੰ ਗੁਰੂ ਵਿਚਾਰਧਾਰਾ ਨੇ ਨਿਕਾਰਦਿਆਂ ਹੋਇਆਂ ਹਲੇਮੀ ਰਾਜ ਦੀ ਲੋਕਾਂ ਨੂੰ ਗੱਲ ਸਮਝਾਈ। ਭਾਰਤ ਦੇਸ ਸਦੀਆਂ ਤੀਕ ਗੁਲਾਮ ਰਿਹਾ ਹੈ। ਅਣਖ਼ ਗੈਰਤ ਵਰਗੀਆਂ ਸਦਾਚਾਰਕ ਕੀਮਤਾਂ ਗਵਾਚ ਚੁੱਕੀਆਂ ਸਨ। ਕਈ ਲੋਕਾਂ ਨੇ ਇਹ ਮੁਹਾਵਰੇ ਹੀ ਬਣਾ ਲਏ ਹੋਏ ਸਨ ਕਿ “ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ” ਇਸ ਅਨੁਸਾਰ ਦਿਨ ਕਟੀ ਕਰ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੇ ਦਸ ਜਾਮਿਆਂ ਵਿੱਚ ਸਫਰ ਤਹਿ ਕੀਤਾ ਹੈ।
ਦਸਵੇਂ ਜਾਮੇ ਵਿੱਚ ਸਚਿਆਰ ਮਨੁੱਖ ਦੀ ਪ੍ਰਪੱਕਤਾ ਲਈ ਹੋਰ ਕਈ ਠੋਸ ਨਿਯਮ ਬਣਾਏ ਗਏ ਜਿਸ ਤਹਿਤ ਪੂਰੇ ਸੌ ਸਾਲ ਬਾਅਦ ਮਹਾਂਰਾਜਾ ਰਣਜੀਤ ਸਿੰਘ ਨੇ ਲਾਹੌਰ `ਤੇ ਕਬਜ਼ਾ ਕਰਦਿਆਂ ਸਮੁੱਚੇ ਪੰਜਾਬ `ਤੇ ਰਾਜ ਕਾਇਮ ਕਰ ਲਿਆ ਗਿਆ। ਮਹਾਨ ਕ੍ਰਾਂਤੀ ਕਾਰੀ ਰਹਿਬਰ ਸਬੰਧੀ ਅਸੀਂ ਬਹੁਤ ਹੀ ਅਵੇਸਲੇ ਨਜ਼ਰ ਆ ਰਹੇ ਹਾਂ। ਸਭ ਤੋਂ ਪਹਿਲਾਂ ਦੇਖਿਆ ਜਾਏ ਤਾਂ ਅਸੀਂ ਅਜੇ ਤੀਕ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀ ਤਰੀਕ ਹੀ ਨਹੀਂ ਨਿਚਸਤ ਕਰ ਸਕੇ। ਹਰ ਵਾਰੀ ਸਾਨੂੰ ਬ੍ਰਾਹਮਣੀ ਬਿਕ੍ਰਮੀ `ਤੇ ਹੀ ਭਰੋਸਾ ਕਰਕੇ ਕਦੇ ਗਿਆਰ੍ਹਾਂ ਦਿਨ ਪਹਿਲਾਂ ਮਨਾਉਂਦੇ ਹਾਂ ਤੇ ਕਦੇ ੨੨ ਦਿਨ ਬਾਅਦ ਵਿੱਚ ਤੇ ਕਦੇ ਸਾਲ ਵਿੱਚ ਦੋ ਵਾਰ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ ਮਨਾਉਂਦੇ ਹਾਂ। ਉਂਜ ਇਹ ਕਹਿੰਦੇ ਨਹੀਂ ਥੱਕਦੇ ਕਿ ਅਸੀਂ ਨਿਆਰੇ ਖਾਲਸਾ ਹਾਂ।
ਏਸੇ ਮਹਾਨ ਸੂਰਬੀਰ ਯੋਧੇ ਸਬੰਧੀ ਉਹਨਾਂ ਦੇ ਜੀਵਨ ਕਾਲ ਦੀਆਂ ਮਹਾਨ ਘਟਨਾਵਾਂ ਨੂੰ ਘੱਟ ਤੇ ਜਨਮ ਤੋਂ ਪਹਿਲਾਂ ਦੀਆਂ ਬੇਦਲੀਲੀਆਂ ਕਾਹਣੀਆਂ ਪਰੋਸ ਪਰੋਸ ਕੇ ਦੇਣ ਵਿੱਚ ਬੜਾ ਫਕਰ ਮਹਿਸੂਸ ਕਰਦੇ ਹਾਂ। ਦੁਸਟ ਦਮਨ ਵਾਲੀ ਘਟਨਾ ਹੀ ਲੈ ਲਈਏ ਐਸੀ ਗੈਰ-ਮਿਅਰੀ ਗੱਲ ਨੂੰ ਹਰ ਪੁਰਬ `ਤੇ ਬੜੀ ਹੁਬ ਨਾਲ ਸਣਾਉਂਦੇ ਹਾਂ। ਦੁਸਟ ਦਮਨ ਕੀ ਹੈ? ਇੱਕ ਰਿਸ਼ੀ ਜਦੋਂ ਤੱਪ ਕਰ ਰਿਹਾ ਸੀ ਜਦੋਂ ਦੁਰਗਾ ਨੇ ਆਣ ਕੇ ਹਾਲ ਪਾਹਰਿਆ ਕੀਤੀ ਕਿ “ਮੇਰਾ ਦੈਂਤਾਂ ਨੇ ਰਾਜ ਭਾਗ ਖੋਹ ਲਿਆ ਹੈ” ਓਸੇ ਵੇਲੇ ਰਿਸ਼ੀ ਨੇ ਕ੍ਰੋਧਿਤ ਹੁੰਦੇ ਹੋਏ ਆਪਣਾ ਆਸਣ ਝਾੜਿਆ ਤੇ ਦੁਸਟ ਦਮਨ ਪੈਦਾ ਹੋਇਆ। ਉਸ ਦੀ ਇਹ ਜ਼ਿੰਮੇਵਾਰੀ ਲਗਾਈ ਕਿ ਇਸ ਦੇਵੀ ਦੀ ਸਹਾਇਤਾ ਕਰੋ ਤੇ ਇਸ ਨੂੰ ਰਾਜ ਭਾਗ ਦਿਵਾ ਦਿਓ। ਦੁਸ਼ਟਦਮਨ ਨੇ ਦੁਰਗਾ ਦੀ ਸਹਾਇਤਾ ਕੀਤੀ ਤੇ ਉਸ ਨੂੰ ਰਾਜ ਭਾਗ ਦਿਵਾ ਦਿੱਤਾ। ਫਿਰ ਦੁਸਟ ਦਮਨ ਨੇ ਕਿਹਾ ਕਿ ਮੇਰੇ ਲਈ ਅਗਾਂਹ ਕੀ ਹੁਕਮ ਹੈ? ਫਿਰ ਰਿਸ਼ੀ ਨੇ ਕਿਹਾ ਕਿ ਹੁਣ ਤੁਸੀਂ ਮਾਤ ਲੋਕ ਵਿੱਚ ਜਾ ਕੇ ਮੁਗਲਾਂ ਦਾ ਰਾਜ ਭਾਗ ਖਤਮ ਕਰੋ। ਇੰਜ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਤੇਗ ਬਹਾਦਰ ਜੀ ਦੇ ਘਰ ਆਗਮਨ ਹੋਇਆ।
ਬਚਿੱਤ੍ਰ ਨਾਟਕ ਇਹ ਵੀ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਜੀ ਆਖਦੇ ਹਨ ਕਿ “ਮੇਰਾ ਸੰਸਾਰ ਵਿੱਚ ਆਉਣ ਨੂੰ ਚਿੱਤ ਨਹੀਂ ਕਰ ਰਿਹਾ ਸੀ ਮੈਂ ਅਕਾਲ ਪੁਰਖ ਦਾ ਹੁਕਮ ਮੰਨ ਕੇ ਆਇਆ ਹਾਂ ਕਿਉਂ ਕਿ ਅਕਲਾਪੁਰਖ ਨੇ ਮੈਨੂੰ ਇਹ ਕਿਹਾ ਸੀ ਮੈਂ ਕਈਆਂ ਨੂੰ ਸੰਸਾਰ ਤੇ ਭੇਜਿਆ ਹੈ ਸਾਰਿਆਂ ਨੇ ਆਪਣਾ ਨਾਮ ਹੀ ਜਪਾਇਆ ਹੈ ਮੇਰਾ ਕਿਸੇ ਨੇ ਵੀ ਨਾਮ ਨਹੀਂ ਜਪਾਇਆ ਇਸ ਲਈ ਤੁਸੀ ਸੰਸਾਰ ਵਿੱਚ ਜਾ ਕੇ ਨਵਾਂ ਧਰਮ ਚਲਾਓ ਮੇਰਾ ਨਾਮ ਜਪਾਓ”। ਗੁਰੂ ਸਾਹਿਬ ਜੀ ਕਹਿ ਰਹੇ ਸਨ ਕਿ ਮੇਰੀ ਤਾਂ ਸੁਰਤੀ ਰੱਬ ਜੀ ਨਾਲ ਜੁੜੀ ਹੋਈ ਸੀ ਫਿਰ ਵੀ ਮੈਂ ਰੱਬ ਜੀ ਦਾ ਹੁਕਮ ਮੰਨਦਿਆਂ ਮਾਤ ਲੋਕ ਵਿੱਚ ਆਇਆ ਹਾਂ ਤੇ ਔਰੰਗਜ਼ੇਬ ਦੇ ਰਾਜ ਦਾ ਖਾਤਮਾ ਕਰ ਦੇਣਾ ਹੈ। ਇਹ ਸਾਰੀਆਂ ਗੈਰਕੁਦਰਤੀ ਕਹਾਣੀਆਂ ਹਨ ਜਿਹੜੀਆਂ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਜੋੜੀਆਂ ਹੋਈਆਂ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਵੀ ਤ੍ਰਿਬੇਣੀ ਨਦੀ ਦੇ ਇਸ਼ਨਾਨ ਤੇ ਪੰਡਤਾਂ ਨੂੰ ਦਾਨ ਪੁੰਨ ਕਰਨ ਨਾਲ ਗੁਰੂ ਸਾਹਿਬ ਜੀ ਦੇ ਆਗਮਨ ਨੂੰ ਜੋੜ ਕੇ ਬ੍ਰਹਾਮਣੀ ਕਰਮ ਦੀ ਪੁੱਠ ਚਾੜ੍ਹੀ ਹੋਈ ਹੈ।
ਗੁਰੂ ਸਾਹਿਬ ਜੀ ਦੇ ਕੀਤੇ ਮਹਾਨ ਕਾਰਜਾਂ ਦੀ ਲੜੀ ਕਿਸੇ ਲਿਖਤ ਦੀ ਬੰਧਸ਼ ਵਿੱਚ ਨਹੀਂ ਆ ਸਕਦੀ। ਉਹਨਾਂ ਵਲੋਂ ਲਏ ਫੈਸਲੇ ਕੀਤੇ ਕੰਮ ਸੀਮਾ ਦੀ ਹੱਦ ਬੰਦੀ ਵਿੱਚ ਨਹੀਂ ਆ ਸਕਦੇ। ਨੌਂ ਸਾਲ ਦੀ ਛੋਟੀ ਉਮਰ ਵਿੱਚ ਪਿਤਾ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹਾਦਤ ਦਾ ਜਾਮ ਪੀਣਾ ਤੇ ਇਸ ਘਟਨਾ ਨੂੰ ਬਹੁਤ ਹੀ ਸਹਿਜ ਨਾਲ ਲੈ ਕੇ ਅਗਾਂਹ ਦੀ ਠੋਸ ਨੀਤੀ ਧਾਰਨ ਕਰਦਿਆਂ ਖਾਲਸਾ ਪੰਥ ਨੂੰ ਪ੍ਰਗਟ ਕਰ ਦਿੱਤਾ। ਦਿੱਲ਼ੀ ਵਿਖੇ ਗੁਰੂ ਸਾਹਿਬ ਜੀ ਨਾਲ ਗਏ ਸਿੱਖਾਂ ਨੇ ਸ਼ਹਾਦਤ ਨੂੰ ਗਲੇ ਨਾਲ ਲਗਾਇਆ ਕਿੱਡੀ ਵੱਡੀ ਕ੍ਰਾਂਤੀ ਹੋਈ ਕਿ ਜਦੋਂ ਗੁਰੂ ਦੇ ਸਿੱਖਾਂ ਨੂੰ ਗੁਰੂ ਸਾਹਿਬ ਜੀ ਨਾਲੋਂ ਪਹਿਲਾਂ ਸ਼ਹੀਦ ਕੀਤਾ ਗਿਆ। ਕਿਸੇ ਵੀ ਸਿੱਖ ਨੇ ਸਰਕਾਰੀ ਜ਼ੁਲਮ ਅੱਗੇ ਆਪਣਾ ਸਿਰ ਨਹੀਂ ਝੁਕਾਇਆ। ਗੁਰੂ ਸਾਹਿਬ ਦੇ ਸਿੱਖਾਂ ਨੇ ਖੜੇ ਮੱਥੇ ਰੌਂਗਟੇ ਖੜੇ ਕਰਨ ਵਾਲੀਆਂ ਸਜਾਵਾਂ ਨੂੰ ਆਪਣੇ ਸਰੀਰ `ਤੇ ਹੰਢਾਇਆ।
ਅਨੰਦਪੁਰ ਦੀ ਧਰਤੀ ਤੋਂ ਹੋ ਰਹੀਆਂ ਸਰਗਰਮੀਆਂ ਹਿੰਦੂ ਪੁਜਾਰੀਆਂ, ਪਹਾੜੀ ਰਾਜਿਆਂ, ਸੂਬਾ ਸਰਕਾਰਾਂ ਨੂੰ ਚੰਗੀਆਂ ਨਹੀਂ ਲੱਗ ਰਹੀਆਂ ਸਨ। ਇਹ ਸਾਰੀਆਂ ਰਿਪੋਰਟਾਂ ਦਿੱਲੀ ਦੀ ਕੇਂਦਰੀ ਸਰਕਾਰ ਤੀਕ ਹਰ ਵੇਲੇ ਪਹੁੰਚਦੀਆਂ ਰਹਿੰਦੀਆਂ ਸਨ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਪਹਾੜੀ ਰਾਜਿਆਂ ਤੇ ਸੂਬਾ ਸਰਕਾਰ ਵਲੋਂ ਅਕਸਰ ਅਨੰਦਪੁਰ `ਤੇ ਚੜ੍ਹਾਈ ਕਰਨ ਲਈ ਵਿਉਂਤਾਂ ਬਣਾਈਆਂ ਜਾਂਦੀਆਂ ਰਹਿਣ ਲੱਗੀਆਂ। ਇਹਨਾਂ ਨੂੰ ਇਹ ਬਹੁਤ ਵੱਡਾ ਡਰ ਸੀ ਕਿ ਜੇ ਏਦਾਂ ਹੀ ਅਨੰਦਪੁਰ ਵੱਧਦਾ ਰਿਹਾ ਤਾਂ ਸਾਡਾ ਰਾਜ ਭਾਗ ਥੋੜੇ ਸਮੇਂ ਉਪਰੰਤ ਹੀ ਖਤਮ ਹੋ ਜਾਏਗਾ। ਪਹਾੜੀ ਰਾਜਿਆਂ ਵਲੋਂ ਅਨੰਦਪੁਰ ਸਾਹਿਬ `ਤੇ ਕਈ ਹਮਲੇ ਹੋਏ। ਗੁਰੂ ਸਾਹਿਬ ਜੀ ਇਹਨਾਂ ਹਮਲਿਆਂ ਦਾ ਮੂੰਹ ਤੋੜਵਾਂ ਉੱਤਰ ਦੇਂਦੇ ਰਹੇ। ਇੱਕ ਵਾਰ ਸਮਾਂ ਅਜੇਹਾ ਵੀ ਆਇਆ ਕਿ ਜਦੋਂ ਅਨੰਦਪੁਰ ਵੱਸਦਾ ਹੋਇਆ ਸ਼ਹਿਰ ਛੱਡਣਾ ਪਿਆ। ਇਹ ਅਜੇਹਾ ਇਤਿਹਾਸਕ ਤੱਥ ਹੈ ਜਿਹੜਾ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਜੀ ਦਾ ਪਰਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਵੱਡੇ ਸਾਹਿਬਜ਼ਾਦੇ ਉਹਨਾਂ ਦੇ ਨਾਲ ਸਨ ਤੇ ਚੱਟੇ ਸਾਹਿਬਜ਼ਾਦੇ ਦਾਦੀ ਮਾਂ ਨਾਲ ਸਨ ਤੇ ਮਹਿਲ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵਲ ਨੂੰ ਚਲੇ ਗਏ। ਇੱਕ ਪਾਸੇ ਅਨੰਦਪੁਰ ਸਹਿਬ ਦੇ ਕੁੱਝ ਗਿਣਤੀ ਦੇ ਵਾਸੀ ਦੂਜੇ ਪਾਸੇ ਹਿੰਦੂ ਪਹਾੜੀ ਰਾਜੇ ਸੂਬਾ ਸਰਕਾਰ ਦੇ ਕੇਂਦਰੀ ਸਰਕਾਰੀ ਦੀ ਪੂਰੀਆਂ ਸਹੂਲਤਾਂ ਨਾਲ ਲੈਸ ਫੌਜਾਂ ਸਨ। ਇਸ ਦੇ ਇਲਾਵਾ ਲੁੱਟਾਂ ਖੋਹਾਂ ਕਰਨ ਵਾਲੀਆਂ ਮੰਗਵੀਆਂ ਧਾੜਾਂ ਵੀ ਹਰਲ ਹਰਲ ਕਰਦੀਆਂ ਫਿਰਦੀਆਂ ਸਨ। ਸਰਸਾ ਨਦੀ ਦੇ ਕਿਨਾਰੇ `ਤੇ ਸਾਰਾ ਪਰਵਾਰ ਨਿਖੜ ਗਿਆ।
ਗੁਰੂ ਸਾਹਿਬ ਜੀ ਨਾਲ ਚਾਲੀ ਕੁ ਗਿਣਤੀ ਦੇ ਸਿੰਘ ਤੇ ਦੋਵੇਂ ਵੱਡੇ ਸਾਹਿਬਜ਼ਾਦੇ ਕੱਚੀ ਚਮਕੌਰ ਦੀ ਗੜੀ ਵਿੱਚ ਠਹਿਰੇ ਸਨ। ਦੂਜੇ ਪਾਸੇ ਭਾਰੀ ਫੌਜਾਂ ਦਾ ਇਕੱਠ ਸੀ। ਅਜੇਹੀ ਅਸਾਂਵੀਂ ਲੜਾਈ ਦੁਨੀਆਂ ਦੇ ਇਤਿਹਾਸ ਵਿੱਚ ਨਿਵੇਕਲੀ ਥਾਂ ਰੱਖਦੀ ਹੈ। ਗੁਰੂ ਸਾਹਿਬ ਜੀ ਦੇ ਸਾਹਮਣੇ ਦੋਵੇਂ ਸਾਹਿਬਜ਼ਾਦੇ ਤੇ ਜਾਨ ਨਾਲੋਂ ਪਿਆਰੇ ਸਿੰਘਾਂ ਨੇ ਸ਼ਹਾਦਤਾਂ ਦਾ ਜਾਮ ਪੀਤਾ। ਦੁਨੀਆਂ ਦੇ ਇਤਿਹਾਸ ਵਿੱਚ ਇਹ ਉਹ ਲੜਾਈ ਹੈ ਜਿਸ ਨੂੰ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਬਿਆਨ ਨਹੀਂ ਕੀਤਾ ਜਾ ਸਕਦਾ। ਓਦੋਂ ਬਹੁਤ ਵੱਡੀ ਕ੍ਰਾਂਤੀ ਦੇਖਣ ਨੂੰ ਮਿਲੀ ਜਦੋਂ ਪੰਜਾਂ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਚਮਕੌਰ ਦੀ ਗੜੀ ਛੱਡਣ ਲਈ ਕਿਹਾ। ਗੁਰੂ ਸਾਹਿਬ ਜੀ ਨੇ ਚਮਕੌਰ ਦੀ ਗੜੀ ਨੂੰ ਛੱਡਿਆ ਤੇ ਮਾਲਵੇ ਵਲ ਨੂੰ ਚੱਲ ਪਏ। ਦੁਸ਼ਮਣ ਵਲੋਂ ਪੂਰੀ ਤਿਆਰੀ ਨਾਲ ਗੁਰੂ ਸਾਹਿਬ ਜੀ ਤੇ ਬਹੁਤ ਵੱਡਾ ਹਮਲਾ ਕੀਤਾ ਜਿਸ ਨੂੰ ਮੁਕਤਸਰ ਦੀ ਲੜਾਈ ਨਾਲ ਯਾਦ ਕੀਤਾ ਜਾਂਦਾ ਹੈ।
ਮਾਲਵੇ ਵਿੱਚ ਵਿਚਰਦਿਆਂ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਪੂਰੀ ਖਬਰ ਮਿਲੀ। ਗੁਰੂ ਗੋਬਿੰਦ ਸਿੰਘ ਜੀ ਮਹਾਨ ਰਹਿਬਰ ਨੇ ਭਾਰਤ ਵਿੱਚ ਜ਼ੁਲਮੀ ਰਾਜ ਨੂੰ ਖਤਮ ਕਰਦਿਆਂ ਹੋਇਆਂ ਤੇ ਹਲੇਮੀ ਰਾਜ ਦੇਣ ਲਈ ਆਪਣੇ ਪਰਵਾਰ ਦੀ ਸ਼ਹਾਦਤ ਦੇ ਕੇ ਅਨੋਖੀ ਕ੍ਰਾਂਤੀ ਲਿਆਂਦੀ।
ਨਦੇੜ ਦੀ ਧਰਤੀ ਤੋਂ ਮਹਾਨ ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਵਲ ਨੂੰ ਤੋਰਿਆ ਜਿਸ ਨੇ ਥੋੜੇ ਸਮੇਂ ਵਿੱਚ ਹੀ ਸਰਹੰਦ ਨੂੰ ਫਤਹ ਕਰਕੇ ਖਾਲਸਾ ਰਾਜ ਸਥਾਪਿਤ ਕਰ ਦਿੱਤਾ। ਗੁਰੂ ਸਾਹਿਬ ਜੀ ਦੇ ਮਹਾਨ ਕਾਰਨਾਮਿਆਂ ਨੂੰ ਯਾਦ ਕਰਦਿਆਂ ਅੱਖਰ ਛੋਟੇ ਪੈ ਜਾਂਦੇ ਹਨ।
ਕ੍ਰਾਂਤੀਕਾਰੀ ਰਹਿਬਰ ਦੀ ਕੌਮ ਵਲ ਅੱਜ ਝਾਤੀ ਮਾਰਦੇ ਹਾਂ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਅੱਜ ਕੌਮ ਇੱਕ ਦਾਨਸ਼ਵਰ ਨੇਤਾ ਤੋਂ ਰਹਿਤ ਹੋ ਚੁੱਕੀ ਹੈ। ਹਨੇ ਹਨੇ ਜੱਥੇਬੰਦੀਆਂ ਬਣ ਗਈਆਂ ਹਨ ਹਰ ਜੱਥੇਬੰਦੀ ਆਪਣੇ ਆਪ ਨੂੰ ਪੰਥ ਦੀ ਖੈਰ ਖਵਾ ਹੀ ਪੇਸ਼ ਕਰ ਰਹੀ ਹੈ। ਪੰਥ ਟੁਕੜਿਆਂ ਵਿੱਚ ਵੰਡਿਆ ਗਿਆ ਹੈ। ਡੇਰਵਾਦ ਨੇ ਆਪਣਾ ਤੰਦਵਾ ਜਾਲ ਵਿਛਾ ਕੇ ਭੋਲੀ ਸੰਗਤ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਹਨਾਂ ਕੋਲੋਂ ਬ੍ਰਹਾਮਣੀ ਕਰਮ-ਕਾਂਡ ਕਰਾਏ ਜਾ ਰਹੇ ਹਨ। ਇਤਿਹਾਸ ਨੂੰ ਪੁੱਠਾ ਗੇੜਾ ਦੁੇਣ ਦਾ ਯਤਨ ਕੀਤਾ ਜਾ ਰਿਹਾ ਹੈ। ਸ਼ਹੀਦਾਂ ਦੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਪੰਜਾਬੀ ਪਾਰਟੀ ਦਾ ਰੂਪ ਧਾਰਨ ਕਰ ਚੁੱਕਿਆ ਹੈ।
੧੫ ਦਸੰਬਰ ੨੦੧੫ ਦੀ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਟਿੱਪਣੀ ਬੜੀ ਭਾਵ ਪੂਰਤ ਹੈ।
ਸਿੱਖ ਭਾਈਚਾਰੇ ਦੇ ਹਿੱਤਾਂ ਦੀ ਸੁਰੱਖਿਆ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਦੇ ਮੰਤਵ ਨਾਲ ੧੪ ਦਸੰਬਰ ੧੯੨੦ ਨੂੰ ਸਥਾਪਿਤ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਸਿਆਸੀ ਸੱਤਾ ਪ੍ਰਾਪਤ ਹੋਣ ਦੇ ਬਾਵਜੂਦ ਇਨ੍ਹਾਂ ਮੁੱਖ ਮੁੱਦਿਆਂ ਉੱਤੇ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੇ ੯੫ ਸਾਲਾਂ ਦੇ ਸਫ਼ਰ ਦੌਰਾਨ ਅਕਾਲੀ ਦਲ ਨੇ ਇਨ੍ਹਾਂ ਉਦੇਸ਼ਾਂ ਦੇ ਨਾਲ ਨਾਲ ਮੁਲਕ ਦੀ ਆਜ਼ਾਦੀ, ਪੰਜਾਬੀ ਭਾਸ਼ਾ ਅਤੇ ਸਮੁੱਚੇ ਪੰਜਾਬੀਆਂ ਦੇ ਹਿੱਤਾਂ ਲਈ ਜੱਦੋਜਹਿਦ ਕਰਦਿਆਂ ਭਾਰੀ ਕੁਰਬਾਨੀਆਂ ਦੇ ਕੇ ਇੱਕ ਸ਼ਾਨਦਾਰ ਇਤਿਹਾਸ ਸਿਰਜਿਆ ਹੈ। ੧੯੭੫ ਵਿੱਚ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਅੰਦਰੂਨੀ ਐਮਰਜੈਂਸੀ ਵਿਰੁੱਧ ਮੋਰਚਾ ਲਾ ਕੇ ਅਕਾਲੀ ਦਲ ਨੇ ਸਮੁੱਚੇ ਮੁਲਕ ਦੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਦੀ ਬਹਾਲੀ ਦਾ ਝੰਡਾ ਬੁਲੰਦ ਕੀਤਾ ਭਾਵੇਂ ਕਿ ਇਸ ਦਾ ਪਾਰਟੀ ਨੂੰ ਕਾਫ਼ੀ ਮਹਿੰਗਾ ਮੁੱਲ ਤਾਰਨਾ ਪਿਆ। ਪੰਜਾਬ ਵਿੱਚ ਅਤਿਵਾਦ ਕਾਰਨ ਹੋਏ ਪੰਜਾਬੀਆਂ ਦੇ ਘਾਣ ਅਤੇ ੧੯੮੪ ਵਿੱਚ ਸ੍ਰੀਮਤੀ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਹੋਏ ਸਿੱਖਾਂ ਦੀ ਕਤਲੇਆਮ ਕਿਸੇ ਨਾ ਕਿਸੇ ਰੂਪ ਵਿੱਚ ਇਸੇ ਮੋਰਚੇ ਦਾ ਸਿੱਟਾ ਹੀ ਕਹੇ ਜਾ ਸਕਦੇ ਹਨ।
ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਹੁਣ ਤਕ ਨੌਂ ਵਾਰ ਸੱਤਾ ਸੌਂਪੀ ਹੈ। ਨਾ ਕੇਵਲ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬੀਆਂ ਨੇ ਪੰਜਵੀਂ ਵਾਰ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ `ਤੇ ਬਿਠਾਇਆ, ਬਲਕਿ ਉਨ੍ਹਾਂ ਦੇ ਬੇਟੇ, ਨੂੰਹ ਅਤੇ ਕਈ ਹੋਰ ਰਿਸ਼ਤੇਦਾਰਾਂ ਨੂੰ ਵੀ ਸੱਤਾ ਸੁੱਖ ਸੌਂਪਿਆ ਹੈ। ਕੇਵਲ ਪੰਜਾਬ ਵਿੱਚ ਹੀ ਨਹੀਂ, ਬਲਕਿ ਕੇਂਦਰ ਸਰਕਾਰ ਵਿੱਚ ਵੀ ਦੋ ਦਹਾਕਿਆਂ ਤੋਂ ਵੱਧ ਸਮਾਂ ਸੱਤਾ ਵਿੱਚ ਭਾਈਵਾਲ ਬਣਾਇਆ ਹੈ। ਇੰਨਾ ਹੀ ਨਹੀਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਸੌਂਪੀ ਹੈ। ਪੰਜਾਬੀਆਂ ਵਿਸ਼ੇਸ਼ ਕਰਕੇ ਸਿੱਖ ਹਿੱਤਾਂ ਲਈ ਅਕਾਲੀ ਦਲ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਦਾ ਪੰਜਾਬੀ ਸਮੇਂ-ਸਮੇਂ ਬਣਦਾ ਮੁੱਲ ਮੋੜਦੇ ਰਹੇ ਹਨ ਪਰ ਲੋਕਾਂ ਦਾ ਮੰਨਣਾ ਹੈ ਕਿ ਅਕਾਲੀ ਦਲ ਉਨ੍ਹਾਂ ਦੀਆਂ ਆਸਾਂ ਅਤੇ ਉਮੰਗਾਂ `ਤੇ ਕਦੇ ਵੀ ਪੂਰਾ ਨਹੀਂ ਉੱਤਰਿਆ। ਸੱਤਾਧਾਰੀ ਅਕਾਲੀ ਆਗੂ ਸੱਤਾ ਦੇ ਨਸ਼ੇ ਵਿੱਚ ਗ਼ਲਤਾਨ ਹੋ ਕੇ ਬਹੁਤੀ ਵਾਰ ਨਾ ਕੇਵਲ ਟਕਸਾਲੀ ਆਗੂਆਂ ਬਲਕਿ ਸਮੁੱਚੇ ਪੰਜਾਬੀਆਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਦੇ ਆ ਰਹੇ ਹਨ। ਅਕਾਲੀ ਦਲ ਦੇ ਵਿਰਾਸਤੀ ਅਤੇ ਪੱਕੇ ਵੋਟ ਬੈਂਕ ਸਿੱਖ ਭਾਈਚਾਰੇ ਦੇ ਗਿਲਾ ਹੈ ਕਿ ਜਿਹੜੇ ਪੰਥਕ ਮੁੱਦਿਆਂ `ਤੇ ਪਾਰਟੀ ਹੁਣ ਤਕ ਮੋਰਚੇ ਲਾਉਂਦੀ ਰਹੀ ਹੈ; ਉਨ੍ਹਾਂ ਵਿੱਚੋਂ ਕੋਈ ਵੀ ਮੰਗ ਉਹ ਸੂਬੇ ਅਤੇ ਕੇਂਦਰ ਵਿੱਚ ਸੱਤਾ ਪ੍ਰਾਪਤ ਕਰਨ ਦੇ ਬਾਵਜੂਦ ਮਨਵਾ ਨਹੀਂ ਸਕਿਆ।
ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਸਮੇਂ ਪੰਜਾਬ ਵਿੱਚ ਜਿੱਥੇ ਗ਼ਰੀਬੀ ਅਤੇ ਬੇਰੁਜ਼ਗਾਰੀ ਦਾ ਵਾਧਾ ਹੁੰਦਾ ਆ ਰਿਹਾ ਹੈ, ਉੱਥੇ ਸਰਕਾਰ ਦੀਆਂ ਗ਼ਲਤ ਆਰਥਿਕ ਨੀਤੀਆਂ ਅਤੇ ਆਪਣਿਆਂ ਨੂੰ ਸ਼ੀਰਨੀ ਵੰਡਣ ਕਾਰਨ ਪੰਜਾਬ ਸਿਰ ਕਰਜ਼ੇ ਦੇ ਭਾਰ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਪਿਛਲੇ ਲਗਪਗ ਨੌਂ ਸਾਲਾਂ ਵਿੱਚ ਵਿਸ਼ੇਸ਼ ਕਰਕੇ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਅਗਵਾਈ ਸੰਭਾਲਣ ਬਾਅਦ ਪਾਰਟੀ ਦਾ ਨਾ ਕੇਵਲ ਧਾਰਮਿਕ ਅਤੇ ਰਵਾਇਤੀ ਸਰੂਪ ਲੋਪ ਹੋਣਾ ਸ਼ੁਰੂ ਹੋ ਗਿਆ ਹੈ ਬਲਕਿ ਇਸ ਦੀ ਕਾਰਜਸ਼ੈਲੀ ਵਿੱਚੋਂ ਲੋਕ ਹਿੱਤ ਵੀ ਮਨਫ਼ੀ ਹੁੰਦੇ ਜਾ ਰਹੇ ਹਨ। ਉਂਜ ਤਾਂ ੧੯੯੬ ਵਿੱਚ ਹੀ ਮੋਗਾ ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਨੂੰ ‘ਪੰਥਕ ਪਾਰਟੀ` ਤੋਂ ‘ਪੰਜਾਬੀ ਪਾਰਟੀ` ਵੱਲ ਮੋੜਾ ਦੇ ਦਿੱਤਾ ਸੀ ਪਰ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਇਸ ਦੇ ਸਰੂਪ ਨੂੰ ਬਿਲਕੁਲ ਬਦਲ ਕੇ ਪ੍ਰਾਈਵੇਟ ਕੰਪਨੀ ਵਾਲਾ ਰੂਪ ਦੇ ਦਿੱਤਾ ਹੈ। ਪਾਰਟੀ ਵਿੱਚ ਹੁਣ ਸਿੱਖੀ ਸਰੂਪ ਵਾਲੇ ਇਮਾਨਦਾਰ ਜਥੇਦਾਰਾਂ ਦੀ ਥਾਂ (ਸਿੱਖ ਰਹਿਤ ਮਰਿਆਦਾ ਅਨੁਸਾਰ) ‘ਪਤਿਤ` ਸਿੱਖਾਂ ਅਤੇ ਪੈਸੇ ਵਾਲੇ ਲੋਕਾਂ ਦੀ ਗਿਣਤੀ ਅਤੇ ਪੁੱਗਤ ਵਧਦੀ ਜਾ ਰਹੀ ਹੈ। ਇਹ ਦੋਸ਼ ਲੱਗ ਰਹੇ ਹਨ ਕਿ ਸ੍ਰੀ ਅਕਾਲ ਤਖ਼ਤ ਤੋਂ ਸੇਧ ਲੈਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੁਣ ਪਰਦੇ ਪਿੱਛੇ ਸ੍ਰੀ ਅਕਾਲ ਤਖਤ ਨੂੰ ਆਪਣੇ ਅਨੁਸਾਰ ਚਲਾਉਣ ਲਈ ਦਿਸ਼ਾ-ਨਿਰਦੇਸ਼ ਦੇ ਰਿਹਾ ਹੈ। ਸਰਕਾਰ ਦੀ ਪੱਧਰ `ਤੇ ਲੋਕ-ਪੱਖੀ ਫ਼ੈਸਲੇ ਲੈਣ ਦੀ ਥਾਂ ਕਾਰਪੋਰੇਟਾਂ ਅਤੇ ਅਮੀਰਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ। ਜਮਹੂਰੀ ਅਧਿਕਾਰਾਂ ਨੂੰ ਦਬਾਉਣ ਲਈ ਕਾਨੂੰਨ ਬਣਾਏ ਜਾ ਰਹੇ ਹਨ। ਜਨਤਕ ਹਿੱਤਾਂ ਦੀ ਥਾਂ ਨਿੱਜੀ ਹਿੱਤ ਭਾਰੂ ਪੈਂਦੇ ਦਿਸ ਰਹੇ ਹਨ। ਪਾਰਟੀ ਵਿੱਚ ਪਰਿਵਾਰਵਾਦ ਵਧ ਰਿਹਾ ਹੈ ਅਤੇ ਅੰਦਰੂਨੀ ਜਮਹੂਰੀਅਤ ਖ਼ਤਮ ਹੁੰਦੀ ਜਾ ਰਹੀ ਹੈ। ਇਸ ਸਭ ਕੁਝ ਦੇ ਸਿੱਟੇ ਵਜੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਜਨ ਆਧਾਰ ਨੂੰ ਖ਼ੋਰਾ ਲੱਗ ਰਿਹਾ ਹੈ ਅਤੇ ਉਸ ਨੂੰ ਗੰਭੀਰ ਚੁਣੌਤੀਆਂ ਦਰਪੇਸ਼ ਹਨ। ਹੁਣ ਇਹ ਵੇਖਣਾ ਬਾਕੀ ਹੋਵੇਗਾ ਕਿ ਅਕਾਲੀ ਦਲ ਇਸ ਸੰਕਟ ਵਿੱਚੋਂ ਨਿਕਲ ਸਕੇਗਾ ਜਾਂ ਰਹਿੰਦੀ ਗਿੱਲ ਵੀ ਗੁਆ ਲਵੇਗਾ।